– ਜਿਉਂ ਜਿਉਂ ਦੁਨੀਆਂ ਵਿੱਚ ਲੋਕਾਂ ਦੀ ਭੀੜ ਵੱਧ ਰਹੀ ਹੈ, ਆਦਮੀ ਆਪਣੇ ਆਪ ਨੂੰ ਹੋਰ ਵੀ ਇਕੱਲਾ ਮਹਿਸੂਸ ਕਰ ਰਿਹਾ ਹੈ।
– ਨਾ ਸੁੱਖ ਰਹਿੰਦਾ ਨਾ ਦੁੱਖ ਰਹਿੰਦਾ, ਜਿਵੇਂ ਰਾਤ ਤੋਂ ਬਾਅਦ ਸਵੇਰ ਹੁੰਦੀ ਹੈ।
– ਕਿਸੇ ਨੇ ਸੂਫ਼ੀ ਸੰਤ ਰੂਮੀ ਨੂੰ ਪੁੱਛਿਆ ਸੀ ਕਿ ਜ਼ਹਿਰ ਕਿ ਹੈ ਤਾਂ ਉਸਨੇ ਕਿਹਾ ਸੀ, “ਕੋਈ ਵੀ ਚੀਜ਼ ਲੋੜ ਤੋਂ ਵੱਧ ਜਾਵੇ ਤਾਂ ਜ਼ਹਿਰ ਬਣ ਜਾਂਦੀ ਹੈ।”
– ਸ਼ਹਿਦ ਦੀ ਮੱਖੀ, ਸ਼ਹਿਦ ਨਹੀਂ ਖਾਂਦੀ।
– ਝੁਕੇ ਸਿਰਾਂ ਤੇ, ਤਾਜ ਨਹੀਂ ਟਿਕਦੇ ਹੁੰਦੇ।
– ਪਾਣੀ ਖੂਹਾਂ ਦੇ ਮਿੱਠੇ ਹੁੰਦੇ ਨੇ, ਸਮੁੰਦਰਾਂ ਦੇ ਨਹੀਂ.. ਕਿਸੇ ਦੇ ਵਡੱਪਣ ਦਾ ਅੰਦਾਜ਼ਾ ਉਸਦੀ ਸ਼ਾਨੋ ਸ਼ੌਕਤ ਵੇਖ ਕੇ ਨਹੀਂ ਲਾਉਣਾ ਚਾਹੀਦਾ।
– ਜੋ ਲੜਦਾ ਨਹੀਂ, ਉਸ ਨੂੰ ਹਰਾਇਆ ਨਹੀਂ ਜਾ ਸਕਦਾ।
– ਚੱਲਦੀ ਲੜਾਈ ‘ਚ ਕੋਈ ਕਿਸੇ ਨੂੰ ਹਥਿਆਰ ਉਧਾਰੇ ਨਹੀਂ ਦਿੰਦਾ।
– ਫੂਕ ਮਾਰ ਕੇ ਮੋਮਬੱਤੀ ਤਾਂ ਬੁਝਾਈ ਜਾ ਸਕਦੀ ਹੈ, ਅਗਰਬੱਤੀ ਨਹੀਂ।
– ਹੰਝੂਆਂ ਦਾ ਭਾਰ ਕੇਵਲ ਪਲਕ ਹੀ ਜਾਣਦੀ ਹੈ।
– ਜਦ ਸੁੱਕ ਜਾਣ ਰੁੱਖ ਤਾਂ ਪਰਿੰਦੇ ਵੀ ਛੱਡ ਜਾਂਦੇ,
ਜਿਨ੍ਹਾਂ ਮਾਣੀਆਂ ਸੀ ਛਾਂਵਾਂ ਮੁੜ ਓਹੀ ਵੱਢ ਜਾਂਦੇ।
– ਜਿਸ ਬੰਦੇ ਨੇ ਆਪਣਾ ਵਿਸ਼ਵਾਸ ਗੁਆ ਲਿਆ ਹੋਵੇ, ਉਸ ਦੀ ਗੱਲ ‘ਤੇ ਯਕੀਨ ਕਰਨ ਤੋਂ ਪਹਿਲਾਂ ਸੌ ਵਾਰ ਸੋਚੋ।
– ਪੀੜ ਤੋਂ ਪ੍ਰਾਪਤੀ ਤੱਕ ਦਾ ਸਫ਼ਰ, ਸਿਰਫ਼ ਪੈਰਾਂ ਨੂੰ ਯਾਦ ਰਹਿੰਦਾ ਹੈ।
– ਬੁਝੇ ਦੀਵੇ ਨੂੰ ਵੀ ਦੀਵਾ ਹੀ ਆਖਿਆ ਜਾਂਦਾ ਹੈ।
– ਬਦਲਦੇ ਮੌਸਮ, ਕੋਇਲ ਨੂੰ ਗਾਉਣ ਤੋਂ ਰੋਕ ਨਹੀਂ ਸਕਦੇ।
– ਖ਼ਾਲੀ ਜੇਬ ਦਾ ਭਾਰ, ਅੱਖਾਂ ਨੀਵੀਆਂ ਕਰਾ ਦਿੰਦਾ ਹੈ।
– ਮੰਗਣਾ ਅਣਖ ਦੀ ਮੌਤ ਹੈ ਤੇ ਉਧਰ ਲੈਣਾ ਗ਼ੁਲਾਮੀ ਦੀ ਸ਼ਰੂਆਤ।
– ਸਮੇਂ ਦੇ ਰੰਗ, ਯਾਦਾਂ ਦੇ ਪਰਛਾਵਿਆਂ ਨੂੰ ਰੰਗੀਨ ਬਣਾ ਦਿੰਦੇ ਹਨ।
– ਤਾਕਤਵਰ, ਨਾ ਕਲਮ ਹੈ ਤੇ ਨਾ ਹੀ ਤਲਵਾਰ.. ਤਾਕਤਵਰ ਹੈ ਉਹ ਹੱਥ ਜੋ ਇਹ ਜਾਣਦਾ ਹੈ ਕਿ ਕਦੋਂ, ਕੀ ਚਲਾਉਣਾ ਹੈ।
– ਬਲਦਾ ਸੂਰਜ ਬੋਲਿਆ, “ਹੈ ਕੋਈ ਮੇਰੇ ਵਰਗਾ?”
ਇੱਕ ਨਿੱਕਾ ਜਿਹਾ ਦੀਵਾ ਬੋਲਿਆ, “ਸ਼ਾਮ ਪਈ ‘ਤੇ ਵੇਖਾਂਗੇ”
– ਹੰਕਾਰ ਦੇ ਪਰਛਾਵੇਂ ਜਦੋਂ ਕੱਦ ਨਾਲੋਂ ਲੰਮੇ ਹੋ ਜਾਣ ਤਾਂ ਸਮਝ ਲਵੋ ਕਿ ਕਾਮਯਾਬੀ ਦਾ ਸੂਰਜ ਅਸਤ ਹੋਣ ਵਾਲਾ ਹੈ।
– ਭਾਂਡੇ ਤਾਂ ਖ਼ਾਲੀ ਹੀ ਕੰਮ ਆਉਂਦੇ ਹਨ।
– ਜੇ ਕਿਤੇ ਰੱਬ ਤੇ ਬੰਦਾ ਅਚਾਨਕ ਮਿਲ ਜਾਣ ਤਾਂ ਸ਼ਾਇਦ ਇੱਕ ਦੂਜੇ ਨੂੰ ਕਹਿਣ; ‘ਨਮਸਕਾਰ, ਮੇਰੇ ਸਿਰਜਣਹਾਰ’ ।
– ਰੁੱਖ ਲਾਉਣ ਦਾ ਪਹਿਲਾ ਸਹੀ ਸਮਾਂ ਸੀ 20 ਸਾਲ ਪਹਿਲਾਂ ਤੇ ਦੂਜਾ ਸਹੀ ਸਮਾਂ ਹੈ.. ਹੁਣ।
– ਬੰਜਰ ਜ਼ਮੀਨਾਂ ‘ਤੇ ਅਣਖ ਨਹੀਂ ਉੱਗਦੀ.. ਤੇ ਲਵਾਰਿਸ ਰਾਹ, ਰਾਹੀਆਂ ਨੂੰ ਉਡੀਕਦੇ-ਉਡੀਕਦੇ ਖ਼ਤਮ ਹੋ ਜਾਂਦੇ ਨੇ।
– ਜਦੋਂ ਤੱਕ ਲਾਲਚੀ ਲੋਕ ਜ਼ਿੰਦਾ ਨੇ, ਠੱਗ ਭੁੱਖੇ ਨਹੀਂ ਮਰਦੇ।
– ਪੈਸੇ ਵੱਧ ਕਮਾ ਕੇ ਅਮੀਰ ਨਹੀਂ ਬਣਿਆ ਜਾਂਦਾ, ਬੱਚਤ ਕਰ ਕੇ ਬਣਿਆ ਜਾਂਦਾ ਹੈ।
– ਕਿਸੇ ਨੂੰ ਸਮਝਾਉਣ ਲਈ ਪਹਿਲਾਂ ਉਸਨੂੰ ਸਮਝਣਾ ਪੈਂਦਾ ਹੈ।
– ਇੱਕ ਹੀ ਆਦਮੀ ਕਿਸੇ ਲਈ ਦੇਵਤਾ ਤੇ ਦੂਸਰੇ ਲਈ ਸ਼ੈਤਾਨ ਹੋ ਸਕਦਾ ਹੈ।
– ਆਪਣੀ ਅਕਲ ਤੇ ਪਰਾਇਆ ਧਨ ਹਮੇਸ਼ਾ ਵੱਧ ਲੱਗਦੇ ਹਨ।
– ਮੁਸ਼ਕਲਾਂ ਦੀ ਭੱਠੀ ਵਿੱਚੋਂ ਬੰਦਾ, ਰਾਖ ਨਹੀਂ, ਸੋਨਾ ਬਣ ਕੇ ਨਿਕਲਦਾ ਹੈ।
– ਜਿੰਨੀ ਇੱਜ਼ਤ ਦੀ ਚਾਹਤ ਹੋਵੇਗੀ, ਓਨਾ ਹੀ ਬੇਇਜ਼ਤੀ ਦਾ ਡਰ ਹੋਵੇਗਾ। ਜਿੰਨੀ ਨਫ਼ੇ ਦੀ ਖੁਸ਼ੀ ਹੋਵੇਗੀ, ਓਨਾ ਹੀ ਨੁਕਸਾਨ ਦਾ ਦੁੱਖ।
– ਸਿਰ ਦਾ ਭਾਰ ਪੈਰਾਂ ਨੂੰ ਢੋਣਾ ਪੈਂਦਾ ਹੈ।
– ਸਮੇਂ ਨਾਲ ਦੁੱਖ ਛੋਟਾ ਨਹੀਂ ਹੋ ਜਾਂਦਾ, ਬਸ ਦੁੱਖ ਸਹਿਣ ਵਾਲਾ ਜਿਗਰਾ ਵੱਡਾ ਹੋ ਜਾਂਦਾ ਹੈ।
– ਜੇ ਦਿਸ਼ਾ ਹੀ ਗ਼ਲਤ ਹੋਵੇ ਤਾਂ ਤੇਜ਼ ਰਫ਼ਤਾਰ ਕਿਸੇ ਕੰਮ ਨਹੀਂ ਆਉਂਦੀ।
– ਵੇਖਣ ਤਾਂ ਅੱਖਾਂ ਜੰਮਦਿਆਂ ਸਾਰ ਹੀ ਲੱਗ ਪੈਂਦੀਆਂ ਨੇ ਪਰ ਇਨ੍ਹਾਂ ਨੂੰ ਖੁੱਲ੍ਹਦਿਆਂ-ਖੁੱਲ੍ਹਦਿਆਂ ਕਈ ਵਾਰ ਉਮਰਾਂ ਬੀਤ ਜਾਂਦੀਆਂ।
– ਸੱਚ ਦੇ ਰਾਹ ‘ਤੇ ਨਹੀਂ.. ਸੱਚ ਦੇ ਨਾਲ ਤੁਰਿਆ ਜਾਂਦਾ ਹੈ।
– ਨਿਉਲੇ ਤੇ ਸੱਪ ਦੀ ਲੜਾਈ ਵਿਚ ਜ਼ਹਿਰ ਕਿਸੇ ਕੰਮ ਨਹੀਂ ਆਉਂਦੀ।
– ਮੱਝ ਨੂੰ ਫੁੱਲ ਵੀ ਘਾਹ ਲੱਗਦਾ ਹੈ, ਭੌਰੇ ਲਈ ਉਹੋ ਫੁੱਲ ਮਹਿਕ ਦਿੰਦਾ ਹੈ ਤੇ ਨਿੰਦਕ ਨੂੰ ਸਿਰਫ਼ ਕੰਡੇ ਹੀ ਦਿਸਦੇ ਹਨ।
– ਬਦਲਾ ਲੈਣ ਦੀ ਖੁਸ਼ੀ ਹੈ ਪਲ ਭਰ ਦੀ,
ਮਾਫ਼ ਕਰਨ ਦਾ ਉਮਰਾਂ ਤੱਕ ਮਾਣ ਰਹਿੰਦਾ।
– ਕਾਗਜ਼ ਤੇ ‘ਅੱਗ’ ਲਿਖਣ ਨਾਲ, ਕਾਗਜ਼ ਜਲ ਨਹੀਂ ਜਾਂਦਾ।
– ਕਬਰਾਂ ਲੰਮ ਸਲੰਮੀਆਂ ਉੱਪਰ ਕੱਖ ਪਏ,
ਓਧਰੋਂ ਕੋਈ ਨਾ ਬਹੁੜਿਆ, ਏਧਰੋਂ ਲੱਖ ਗਏ।
– ਰਾਤੋਂ ਰਾਤ ਮਿਲੀ ਸਫਲਤਾ ਪਿੱਛੇ ਕਈ ਸਾਲਾਂ ਦੀ ਮਿਹਨਤ ਛੁਪੀ ਹੁੰਦੀ ਹੈ।
– ਕੋਇਲ ਗਾਉਣ ਲਈ ਸਰੋਤੇ ਨਹੀਂ ਲੱਭਦੀ, ਸ਼ੇਰ ਤੁਰਦਿਆਂ ਸਲਾਮਾਂ ਨਹੀਂ ਭਾਲ਼ਦੇ, ਅਤੇ ਕਾਮਯਾਬੀ ਨੂੰ ਬੱਦਲ ਵਾਂਗ ਗੜਕਨ ਦੀ ਲੋੜ ਨਹੀਂ ਹੁੰਦੀ।
– ਟਿਕੇ ਮਨ ‘ਚ ਹੀ ਖ਼ਿਆਲ ਟਿਕ ਸਕਦੇ ਨੇ..
ਹਿੱਲਦੇ ਪਾਣੀ ਵਿੱਚ ਤਾਂ ਚੰਨ ਵੀ ਹਿੱਲਦਾ ਹੀ ਨਜ਼ਰ ਆਉਂਦਾ ਹੈ।
(ਸਕੂਨ ਨੇ ‘ਕਾਹਲੀ’ ਨੂੰ ਸਮਝਾਇਆ)
– ਸਹਿਕਦੇ ਅਹਿਸਾਸ ਸੁਣਨ ਲਈ ਕੰਨ ਨਹੀਂ, ਧੜਕਦਾ ਦਿਲ ਚਾਹੀਦਾ ਹੈ।
– ਆਸ ਹੀ ਨਿਰਾਸ਼ਾ ਦੀ ਜੜ੍ਹ ਹੈ।
– ਜ਼ਖਮ ਤਾਂ ਢਕੇ ਹੀ ਚੰਗੇ ਨੇ। ਯਾਦ ਰੱਖੀਂ.. ਮੱਲ੍ਹਮ ਕਿਸੇ-ਕਿਸੇ ਘਰ ਹੁੰਦੀ ਹੈ ਪਰ ਨਮਕ ਹਰ ਘਰ ਵਿੱਚ ਹੁੰਦਾ ਹੈ।
– “ਕੱਲਾ ਨਹੀਂ, ਮੈਂ ਆਪਣੇ-ਆਪ ਨਾਲ਼ ਰਹਿੰਦਾ ਹਾਂ,” ਫ਼ਕੀਰ ਨੇ ਮੁਸਕਰਾਉਂਦਿਆਂ ਜਵਾਬ ਦਿੱਤਾ ਸੀ।
– ਸੱਤ ਸੁੱਖ –
ਪਹਿਲਾ ਸੁਖ ਨਿਰੋਗੀ ਕਾਇਆ
ਦੂਜਾ ਸੁਖ ਘਰ ਵਿੱਚ ਮਾਇਆ
ਤੀਜਾ ਸੁਖ ਪੁੱਤਰ ਆਗਿਆਕਾਰੀ
ਚੌਥਾ ਸੁਖ ਸੁਲੱਖਣੀ ਨਾਰੀ
ਪੰਜਵਾਂ ਸੁਖ ਰਾਜ ਵਿਚ ਪਾਇਆ
ਛੇਵਾਂ ਸੁਖ ਗੁਆਂਢੀ ਭਾਇਆ
ਸੱਤਵਾਂ ਸੁਖ ਮਾਂ ਬਾਪ ਦਾ ਸਾਇਆ।

No comments:
Post a Comment