ਹਾਏ ਰੋਈਆਂ ਦੇ ਵਿੱਚ ਅੱਕ ਦੇ ਵਾਂਗੂ..
ਨਾਨਕਿਆਂ ਦੀ ਛੱਕ ਦੇ ਵਾਂਗੂ..
ਜਾਂ ਕਿਸੇ ਲੋਕ ਤੱਥ ਦੇ ਵਾਂਗੂ.. ਯਾਦ ਰਹੇਂਗੀ..
ਨੀਂ ਹਾਏ ਕਿਸਾਨਾਂ ਦੇ ਹੱਕ ਦੇ ਵਾਂਗੂ..
ਬਾਬਿਆਂ ਦੀ ਸੱਥ ਦੇ ਵਾਂਗੂ..
ਚੌਂਦੀ ਹੋਈ ਛੱਤ ਦੇ ਵਾਂਗੂ.. ਯਾਦ ਰਹੇਂਗੀ..
ਤੇਰੀ ਦੀਦ ਰਿਜ਼ਕ ਦੇ ਵਰਗੀ ਸੀ..
ਭੁੱਖ ਮਰੀ ਦੇ ਹੁਣ ਹਾਲਾਤ ਹੋਏ..
ਤੇਰੇ ਬਾਦ ਮਿਲੀ ਨਾ ਦਿਲ ਨੂੰ ਨੀਂ..
ਬੜੇ ਸ਼ਾਂਤੀ ਲਈ ਘਰੇ ਜਾਪ ਹੋਏ..
ਪੈਸੇ ਟਕੇ ਦੀ ਔਖ ਦੇ ਵਾਂਗੂ..
ਗੱਭਰੂ ਪੁੱਤ ਦੀ ਮੌਤ ਦੇ ਵਾਂਗੂ..
ਧੀ ਜੰਮਣ ਦੇ ਖ਼ੌਫ਼ ਦੇ ਵਾਂਗੂ.. ਯਾਦ ਰਹੇਂਗੀ..
ਹਾਏ ਸੂਰਮਿਆਂ ਦੀ ਸਾਖੀ ਵਾਂਗੂ..
ਪਿਓ ਦੀ ਆਖਰੀ ਆਖੀ ਵਾਂਗੂ..
ਹਾਏ ਹੱਥ ਤੇ ਵੱਜੀ ਦਾਤੀ ਵਾਂਗੂ.. ਯਾਦ ਰਹੇਂਗੀ..
ਹਾਏ ਏਨਾ ਚਾਅ ਹੁੰਦਾ.. ਮੁਲਾਕਾਤ ਦਾ ਸੀ..
ਜਿਓ ਹਾੜੀ ਦੀ ਵਾਢੀ ਦਾ..
ਤੇਰਾ ਰੁੱਸਣਾ.. ਹੁੰਦਾ ਪੱਕਾ ਸੀ..
ਜਿਵੇ ਤੇਲ ਚੋਣਾ.. ਕਿਸੇ ਲਾਗੀ ਦਾ..
ਹਾਏ ਰਾਝੇ ਨੂੰ ਝੰਗ ਦੇ ਵਾਂਗੂ..
ਜਿੱਥੇ ਮਿਰਜ਼ਾ ਵੱਢਿਆ.. ਜੰਡ ਦੇ ਵਾਂਗੂ..
ਲੈਲਾ ਦੇ ਕਾਲੇ ਰੰਗ ਦੇ ਵਾਂਗੂ.. ਯਾਦ ਰਹੇਂਗੀ..
ਹਾਏ ਸਿਰ ਕਰਜ਼ੇ ਦੀ ਪੰਡ ਦੇ ਵਾਂਗੂ..
ਸੰਤਾਲੀ ਦੀ ਵੰਡ ਦੇ ਵਾਂਗੂ..
ਹਾਏ ਮੁਦਕੀ ਦੀ ਜੰਗ ਦੇ ਵਾਂਗੂ.. ਯਾਦ ਰਹੇਂਗੀ..
ਹਾਏ ਸਾਕ ਲਿਆਈਂ.. ਸਕੀਰੀ ਚੋਂ..
ਸੀ ਚਾਲ ਤੇਰੀ.. ਭਰਜਾਈ ਦੀ..
ਸਵਾ ਮਹੀਨਾ.. ਹੋ ਗਿਆ ਨੀਂ..
ਹੋਗੀ ਰਸਮ ਚੂੜਾ.. ਵਧਾਈ ਦੀ..
ਹੰਸਾਂ ਵਰਗਾ.. ਹੁਸਨ ਸੀ ਤੇਰਾ..
ਝੋਲੀ ਪੈ ਗਿਆ ਗੈਰਾਂ ਦੀ..
ਤੂੰ ਸਿਰ ਤੋਂ ਸੁੱਟਦੀ ਚੌਲ ਰੋਈ..
ਮੈਂ ਮਿੱਟੀ ਚੱਕ ਤੇਰੇ ਪੈਰਾਂ ਦੀ..
ਹਾਏ ਨੌਜਵਾਨ ਦੀ ਗਤੀ ਦੇ ਵਾਂਗੂ..
ਖ਼ੇਤ ਚ ਲੱਗੀ ਮਟੀ ਦੇ ਵਾਂਗੂ..
ਕਿਸੇ ਆਸ਼ਕ ਦੀ ਘਟੀ ਦੇ ਵਾਂਗੂ.. ਯਾਦ ਰਹੇਂਗੀ..
ਨੀਲੀ ਛੱਤ ਆਲੇ ਦੇ ਭਾਣੇ ਵਾਂਗੂ..
ਅਣ ਵੰਡੇ ਮੁਲਕ ਪੁਰਾਣੇ ਵਾਂਗੂ..
ਜਾਂ ਬਲਕਾਰ ਦੇ ਗਾਣੇ ਵਾਂਗੂ.. ਯਾਦ ਰਹੇਂਗੀ..
ਹਾਏ ਦਿਲ ਵਿੱਚ ਮਰਗੇ ਚਾਅ ਦੇ ਵਾਂਗੂ..
ਜਾਂ ਮਹਿਬੂਬ ਦੇ ਨਾਂ ਦੇ ਵਾਂਗੂ..
ਆਖਰੀ ਨਿਕਲੇ ਸਾਹ ਦੇ ਵਾਂਗੂ.. ਯਾਦ ਰਹੇਂਗੀ..
No comments:
Post a Comment